Sirsa Police Station Grenade Attack: ਰਾਸ਼ਟਰੀ ਜਾਂਚ ਏਜੰਸੀ (NIA) ਨੇ ਹਰਿਆਣਾ ਦੇ ਸਿਰਸਾ ਵਿੱਚ ਮਹਿਲਾ ਪੁਲਿਸ ਸਟੇਸ਼ਨ ਨੇੜੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਵਿਰੁੱਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ।
17 ਅਕਤੂਬਰ ਨੂੰ NIA ਨੇ ਪੰਚਕੂਲਾ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਰਾਜਬੀਰ ਸਿੰਘ ਉਰਫ ਫੌਜੀ, ਵੇਦ ਪ੍ਰਕਾਸ਼ ਉਰਫ ਪੰਮਾ, ਜੀਵਨਜੋਤ ਸਿੰਘ ਗਰੇਵਾਲ ਉਰਫ ਜੋਤੀ ਅਤੇ ਚਿਰਾਗ ਠਕਰਾਲ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਇਹ ਹਮਲਾ 25 ਨਵੰਬਰ 2025 ਨੂੰ ਸਿਰਸਾ ਮਹਿਲਾ ਪੁਲਿਸ ਸਟੇਸ਼ਨ ਨੇੜੇ ਹੋਇਆ ਸੀ। ਪਹਿਲਾਂ 26 ਨਵੰਬਰ, 2025 ਨੂੰ ਸਿਰਸਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਵਿੱਚ ਇੱਕ FIR ਦਰਜ ਕੀਤੀ ਗਈ ਸੀ। ਬਾਅਦ ਵਿੱਚ 30 ਦਸੰਬਰ, 2025 ਨੂੰ, NIA ਨੇ ਜਾਂਚ ਆਪਣੇ ਹੱਥ ਵਿੱਚ ਲੈਂਦੇ ਹੋਏ ਕੇਸ ਦੁਬਾਰਾ ਦਰਜ ਕੀਤਾ।
ਪਹਿਲਾਂ 9 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ
ਐਨਆਈਏ ਨੇ ਇਸ ਮਾਮਲੇ ਵਿੱਚ 24 ਮਈ, 2026 ਨੂੰ 9 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ। ਇਨ੍ਹਾਂ ਵਿੱਚ ਪਾਕਿਸਤਾਨੀ ਨਾਗਰਿਕ ਸ਼ਹਿਜ਼ਾਦ ਭੱਟੀ ਤੇ ਸੋਹੇਲ ਅਹਿਮਦ ਉਰਫ਼ ਸੋਹੇਲ ਬਲੋਚ ਸ਼ਾਮਲ ਹਨ। ਹੁਣ ਚਾਰ ਹੋਰ ਮੁਲਜ਼ਮਾਂ ਵਿਰੁੱਧ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਰਾਜਬੀਰ ਸਿੰਘ ਦੀ ਪਛਾਣ ਭਾਰਤ ਵਿੱਚ ਨੈਟਵਰਕ ਦੇ ਕੋਆਰਡੀਨੇਟਰ ਵਜੋਂ ਹੋਈ ਹੈ। ਐਨਆਈਏ ਦੀ ਜਾਂਚ ਅਨੁਸਾਰ ਦੋਸ਼ੀ ਰਾਜਬੀਰ ਸਿੰਘ ਉਰਫ਼ ਫੌਜੀ ਭਾਰਤ ਵਿੱਚ ਇੱਕ ਸਰਹੱਦ ਪਾਰ ਨੈਟਵਰਕ ਦੇ ਕੋਆਰਡੀਨੇਟਰ ਵਜੋਂ ਕੰਮ ਕਰ ਰਿਹਾ ਸੀ। ਉਸ 'ਤੇ ਦੋਸ਼ ਹੈ ਕਿ ਉਹ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਤੇ ਭਾਰਤ ਵਿੱਚ ਹਥਿਆਰਾਂ, ਹੈਂਡ ਗ੍ਰੇਨੇਡਾਂ ਤੇ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਦਾ ਤਾਲਮੇਲ ਕਰਦਾ ਸੀ।
ਜਾਂਚ ਏਜੰਸੀ ਦੇ ਅਨੁਸਾਰ ਰਾਜਬੀਰ ਸਿੰਘ ਦੇ ਨਿਰਦੇਸ਼ਾਂ 'ਤੇ ਚਿਰਾਗ ਠਕਰਾਲ, ਜੀਵਨਜੋਤ ਸਿੰਘ ਗਰੇਵਾਲ ਉਰਫ਼ ਜੋਤੀ ਅਤੇ ਵੇਦ ਪ੍ਰਕਾਸ਼ ਉਰਫ਼ ਪੰਮਾ ਨੇ ਸਿਰਸਾ ਮਹਿਲਾ ਪੁਲਿਸ ਸਟੇਸ਼ਨ ਨੇੜੇ ਹਮਲੇ ਵਿੱਚ ਵਰਤੇ ਗਏ ਵਿਸਫੋਟਕਾਂ ਨੂੰ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਪੁਲਿਸ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾਉਣ ਤੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਦੇ ਦੋਸ਼
ਐਨਆਈਏ ਅਨੁਸਾਰ ਇਹ ਹਮਲਾ ਸ਼ਹਿਜ਼ਾਦ ਭੱਟੀ ਨੈਟਵਰਕ ਦੇ ਮੈਂਬਰਾਂ ਦੁਆਰਾ ਇੱਕ ਸੰਗਠਿਤ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਗਿਆ ਸੀ। ਕਥਿਤ ਉਦੇਸ਼ ਪੁਲਿਸ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਆਮ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਨਾ ਸੀ। ਜਾਂਚ ਵਿੱਚ ਸਾਜ਼ਿਸ਼ ਤੇ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਅਤੇ ਸਰਹੱਦ ਪਾਰ ਅੱਤਵਾਦੀ ਨੈਟਵਰਕ ਵਿਚਕਾਰ ਸਬੰਧਾਂ ਦਾ ਖੁਲਾਸਾ ਹੋਇਆ ਹੈ।
ਚਾਰਾਂ ਦੋਸ਼ੀਆਂ 'ਤੇ ਭਾਰਤੀ ਦੰਡ ਵਿਧਾਨ, 2023 ਦੀ ਧਾਰਾ 109 ਅਤੇ 238, ਧਾਰਾ 61(2), ਵਿਸਫੋਟਕ ਪਦਾਰਥ ਐਕਟ, 1908 ਦੀ ਧਾਰਾ 5 ਅਤੇ 6, ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), 1967 ਦੀ ਧਾਰਾ 18, 18ਬੀ, ਅਤੇ 20 ਦੇ ਤਹਿਤ ਦੋਸ਼ ਲਗਾਏ ਗਏ ਹਨ। ਐਨਆਈਏ ਨੇ ਕਿਹਾ ਹੈ ਕਿ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ। ਏਜੰਸੀ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਤੇ ਗ੍ਰਿਫਤਾਰ ਕਰਨ ਅਤੇ ਹਮਲੇ ਪਿੱਛੇ ਪੂਰੇ ਸਰਹੱਦ ਪਾਰ ਅੱਤਵਾਦੀ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਕੰਮ ਕਰ ਰਹੀ ਹੈ।